ਰਾਸ਼ਟਰੀ Sun, 12 May 2024 08:17 AM
ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮਲੇਸ਼ੀਆ ਤੋਂ ਆਈ ਫਲਾਈਟ ਦੇ ਸਾਮਾਨ ਦੀ ਚੈਕਿੰਗ ਕਰਦੇ ਹੋਏ ਕਸਟਮ ਵਿਭਾਗ ਨੇ 35 ਲੱਖ ਰੁਪਏ ਦੀਆਂ ਇੰਪੋੋਰਟਡ ਸਿਗਰਟਾਂ ਦੇ ਪੈਕੇਟ ਬਰਾਮਦ ਕੀਤੇ। ਵਿਭਾਗ ਨੇ ਇਹ ਸਾਰੇ ਪੈਕਟ ਜ਼ਬਤ ਕਰਕੇ ਲੁੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮਲੇਸ਼ੀਆ ਤੋਂ ਏਅਰ ਇੰਡੀਆ ਦੀ ਫਲਾਈਟ ਨੰਬਰ ਡੀ-7-188 ਸ਼ਨੀਵਾਰ ਨੂੰ ਏਅਰਪੋਰਟ ਪਹੁੰਚੀ ਸੀ। ਇਕ-ਇਕ ਕਰਕੇ ਸਾਰੇ ਯਾਤਰੀ ਬਾਹਰ ਆ ਗਏ। ਇਸ ਤੋਂ ਬਾਅਦ ਜਦੋਂ ਫਲਾਈਟ ਦੇ ਬੈਗੇਜ ਸਟਾਫ ਵੱਲੋਂ ਸਾਰਾ ਸਾਮਾਨ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਸ਼ੱਕ ਹੋ ਗਿਆ। ਇਸ ਦੀ ਸੂਚਨਾ ਤੁਰੰਤ ਕਸਟਮ ਵਿਭਾਗ ਨੂੰ ਦਿੱਤੀ ਗਈ। ਵਿਭਾਗ ਨੇ ਜਦੋਂ ਸਾਮਾਨ ਵਿਚ ਰੱਖੇ ਕੁਝ ਬੈਗਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਉਸ ਵਿਚੋਂ 975 ਬਾਕਸ ਸਿਗਰਟਾਂ ਦੀਆਂ ਬਰਾਮਦ ਹੋਈਆਂ। ਇਨ੍ਹਾਂ 975 ਬਾਕਸ ਵਿਚ ਵੱਖ-ਵੱਖ ਮਹਿੰਗੇ ਬ੍ਰਾਂਡਾਂ ਦੀਆਂ ਕੁੱਲ 1.95 ਲੱਖ ਸਿਗਰਟਾਂ ਸਨ। ਜਿਸ ਦੀ ਮਾਰਕੀਟ ਵਿਚ ਕੁੱਲ ਕੀਮਤ 35 ਲੱਖ 15 ਹਜ਼ਾਰ ਰੁਪਏ ਹੈ। ਫਿਲਹਾਲ ਇਨ੍ਹਾਂ ਸਾਰਿਆਂ ਨੂੰ ਜ਼ਬਤ ਕਰਕੇ ਕਸਟਮ ਐਕਟ 1962 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਮਲੇਸ਼ੀਆ ਤੋਂ ਆਈ ਫਲਾਈਟ ਤੋਂ ਏਅਰਪੋਰਟ ’ਤੇ 19 ਲੱਖ 21 ਹਜ਼ਾਰ ਰੁਪਏ ਦੀਆਂ ਸਿਗਰਟਾਂ ਬਰਾਮਦ ਹੋਈਆਂ ਸਨ। ਇਸ ਦੌਰਾਨ 565 ਬਾਕਸ ਵਿਚ ਕੁੱਲ 1.13 ਲੱਖ ਸਿਗਰਟਾਂ ਗੋਲਡ ਫਲੇਕ ਹਨੀ ਡਿਊ ਬ੍ਰਾਂਡ ਦੀਆਂ ਸਨ।