ਪੰਜਾਬ Wed, 08 Jan 2025 10:08 AM
ਚੰਡੀਗੜ੍ਹ : ਮੀਟ ਪਕਾਉਣ ਤੋਂ ਰੋਕਣ ਨੂੰ ਲੈ ਕੇ ਹੋਏ ਝਗੜੇ 'ਚ ਭਾਜਪਾ ਆਗੂ ਤੇ ਸਾਬਕਾ ਕੌਂਸਲਰ ਦੇ ਭਰਾ ਮਨੀਸ਼ ਉਰਫ਼ ਬਬਲੂ ਦੂਬੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਵਿਅਕਤੀ ’ਤੇ ਹਮਲਾ ਕਰ ਦਿੱਤਾ। ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਇਕ ਫੈਕਟਰੀ ਦੇ ਮਾਲਕ ਜਸਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਸੈਕਟਰ-31 ਥਾਣਾ ਪੁਲਿਸ ਨੇ ਬਬਲੂ ਦੂਬੇ ਤੇ ਪੰਚਮ ਚੌਹਾਨ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 115(2), 126(2), 351, 299 ਅਤੇ 3(5) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੋਵਾਂ ਨੂੰ ਮੰਗਲਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ।
ਜਸਵਿੰਦਰ ਨੇ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਇੰਡਸਟਰੀਅਲ ਏਰੀਆ ਫੇਜ਼-2 'ਚ ਪਲਾਟ ਨੰਬਰ-114 ਪੰਚਮ ਚੌਹਾਨ ਨੂੰ ਕਿਰਾਏ ’ਤੇ ਦਿੱਤਾ ਹੋਇਆ ਹੈ। ਐਤਵਾਰ ਨੂੰ ਉਹ ਕਿਸੇ ਕੰਮ ਲਈ ਪਲਾਟ ਗਿਆ ਹੋਇਆ ਸੀ। ਜਦੋਂ ਉੱਥੇ ਗਿਆ ਤਾਂ ਦੇਖਿਆ ਕਿ ਇਕ ਪਾਸੇ ਉੱਚੀ-ਉੱਚੀ ਗਾਣੇ ਚੱਲ ਰਹੇ ਸਨ ਤੇ ਇੱਕ ਪਾਸੇ ਮੀਟ ਪਕਾਇਆ ਜਾ ਰਿਹਾ ਸੀ।
ਜਦੋਂ ਉਸ ਨੇ ਉੱਥੇ ਕੰਮ ਕਰਦੇ ਲੋਕਾਂ ਤੋਂ ਪੁੱਛਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਬਬਲੂ ਦੂਬੇ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਉਸ ਨੇ ਉਨ੍ਹਾਂ ਲੋਕਾਂ ਨੂੰ ਮਾਸ ਪਕਾਉਣ ਤੋਂ ਰੋਕਿਆ। ਇਸੇ ਦੌਰਾਨ ਬਬਲੂ ਦੂਬੇ ਆ ਗਿਆ ਤੇ ਜਸਵਿੰਦਰ ਨਾਲ ਲੜਾਈ ਸ਼ੁਰੂ ਕਰ ਦਿੱਤੀ। ਉਸ ਦੇ ਕੁਝ ਹੋਰ ਦੋਸਤ ਵੀ ਉਥੇ ਆ ਗਏ ਤੇ ਉਨ੍ਹਾਂ ਨੇ ਵੀ ਜਸਵਿੰਦਰ 'ਤੇ ਹਮਲਾ ਕਰ ਦਿੱਤਾ।ਇਸ ਹਮਲੇ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਦੇ ਚਿਹਰੇ 'ਤੇ ਵੀ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕੀਤਾ ਗਿਆ। ਉਸ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਹ ਘਟਨਾ ਪਲਾਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਇਸ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।