ਪੰਜਾਬ Fri, 26 Sep 2025 07:52 AM
ਜਲੰਧਰ : ਥਾਣਾ ਮਕਸੂਦਾਂ ਦੇ ਅਧੀਨ ਪੈਂਦੇ ਇਕ ਪਿੰਡ ਵਿਚ ਨਾਬਾਲਗ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠਾਂ ਕਾਬੂ ਕੀਤੇ ਗਏ ਡਾਕਟਰ ਨੂੰ ਛੁਡਵਾਉਣ ਲਈ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਥਾਣੇ ’ਤੇ ਦਬਾਅ ਬਣਾਇਆ ਗਿਆ ਪਰ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਦਿਖਾਉਂਦਿਆਂ ਦੋਸ਼ੀ ਨੂੰ ਕਾਨੂੰਨੀ ਕਾਰਵਾਈ ਤਹਿਤ ਹਿਰਾਸਤ ਵਿੱਚ ਲਿਆ। ਸੂਤਰਾਂ ਮੁਤਾਬਕ 19 ਜੂਨ ਨੂੰ ਤਕਰੀਬਨ ਦੁਪਹਿਰ 3 ਵਜੇ ਇੱਕ 13 ਸਾਲਾ ਨਾਬਾਲਗ ਲੜਕਾ ਆਪਣੇ ਦੋਸਤਾਂ ਨਾਲ ਮੰਦਰ ਕੋਲ ਖੜ੍ਹਾ ਸੀ। ਇਥੇ ਡਾਕਟਰ ਅਮਰਜੀਤ ਸਿੰਘ ਮੋਟਰਸਾਈਕਲ ’ਤੇ ਆਇਆ ਤੇ ਬੱਚੇ ਨੂੰ ਆਪਣੇ ਨਾਲ ਬਿਠਾ ਕੇ ਆਪਣੇ ਖੂਹ ਵੱਲ ਲੈ ਗਿਆ। ਸ਼ਿਕਾਇਤ ਅਨੁਸਾਰ ਉੱਥੇ ਡਾਕਟਰ ਵੱਲੋਂ ਬੱਚੇ ਨਾਲ ਗਲਤ ਹਰਕਤ ਦੀ ਕੋਸ਼ਿਸ਼ ਕੀਤੀ ਗਈ। ਕਿਸੇ ਤਰ੍ਹਾਂ ਬੱਚਾ ਉਥੋਂ ਭੱਜ ਕੇ ਘਰ ਆ ਗਿਆ। ਘਰ ਆ ਕੇ ਬੱਚੇ ਨੇ ਪੂਰੀ ਘਟਨਾ ਆਪਣੇ ਮਾਪਿਆਂ ਨੂੰ ਦੱਸੀ। ਬੱਚੇ ਦੇ ਪਿਤਾ ਵੱਲੋਂ ਤੁਰੰਤ ਥਾਣੇ ਮਕਸੂਦਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਡਾਕਟਰ ਨੇ ਬਾਅਦ ’ਚ ਪਿੰਡ ਆ ਕੇ ਨਾ ਸਿਰਫ਼ ਬੱਚੇ ਨਾਲ ਮਾਰਕੁੱਟ ਕੀਤੀ, ਸਗੋਂ ਉਸਨੂੰ ਧਮਕੀਆਂ ਵੀ ਦਿੱਤੀਆਂ।