ਦੁਕਾਨਾਂ ਤੇ ਘਰਾਂ ਦੇ ਲਾਗੇ ਪਰਾਲੀ ਦੇ ਲੱਗੇ ਵੱਡੇ ਅੰਬਾਰ ਦੇ ਸਕਦੇ ਨੇ ਵੱਡੇ ਹਾਦਸੇ ਨੂੰ ਸੱਦਾ: ਰਾਜ ਕੁਮਾਰ ਰਾਜਾ

ਪੰਜਾਬ Sat, 11 May 2024 09:01 AM


ਦੁਕਾਨਾਂ ਤੇ ਘਰਾਂ ਦੇ ਲਾਗੇ ਪਰਾਲੀ ਦੇ ਲੱਗੇ ਵੱਡੇ ਅੰਬਾਰ ਦੇ ਸਕਦੇ ਨੇ ਵੱਡੇ ਹਾਦਸੇ ਨੂੰ ਸੱਦਾ: ਰਾਜ ਕੁਮਾਰ ਰਾਜਾ

ਭੋਗਪੁਰ:-(ਗੁਰਪ੍ਰੀਤ ਸਿੰਘ ਭੋਗਲ) ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਆੜ੍ਹਤੀ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਰਾਜ ਕੁਮਾਰ ਰਾਜਾ ਤੇ ਲੱਕੀ ਮੋਗਾ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸੋਨੂੰ ਅਰੋੜਾ ਤੇ ਵਿਸ਼ੂ ਬਹਿਲ ਨੇ ਖੰਡ ਮਿੱਲ ਦੇ ਮੁੱਖ ਗੇਟ ਦੇ ਅੱਗੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਦੇਸ਼ ਲਾਇਆ ਕਿ ਸਹਿਕਾਰੀ ਖੰਡ ਮਿੱਲ ਦੀ ਧੂੰਏ ਵਾਲੀ ਚਿਮਨੀ ਜੋ ਪਹਿਲਾਂ ਤਿੰਨ-ਚਾਰ ਮਹੀਨੇ ਗੰਨੇ ਦੇ ਸੀਜ਼ਨ ਦੌਰਾਨ ਚੱਲਦੀ ਸੀ ਹੁਣ ਮਿੱਲ ਵੱਲੋਂ ਬਿਜਲੀ ਬਣਾਉਣ ਲਈ ਲਾਈ ਗਈ ਟਰਬਾਈਨ ਗੰਨੇ ਦੀ ਖੋਰੀ ਤੇ ਪਰਾਲੀ ਦੀਆਂ ਗੰਢਾਂ ਨਾਲ ਸਾਰਾ ਸਾਲ ਚੱਲਦੀ ਹੈ। ਉਸਦੇ ਧੂੰਏ 'ਚੋਂ ਨਿਕਲਣ ਵਾਲੀ ਸੁਆਹ ਆਸ-ਪਾਸ ਰਹਿੰਦੇ ਲੋਕਾਂ ਦੇ ਘਰਾਂ, ਖੇਤਾਂ ਅਤੇ ਉਥੋਂ ਲੰਘਣ ਵਾਲੇ ਰਾਹਗੀਰਾਂ ਦੀਆ ਅੱਖਾਂ 'ਚ ਪੈਂਦੀ ਹੈ। ਇਸ ਕਾਰਨ ਸੜਕ 'ਤੇ ਕਿਸੇ ਵੇਲੇ ਵੀ ਕੋਈ ਹਾਦਸਾ ਵਰਤ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਲੀ ਰਾਖ ਕਾਰਨ ਇਲਾਕੇ 'ਚ ਲੋਕਾਂ ਤੇ ਪਸ਼ੂਆਂ 'ਚ ਬਿਮਾਰੀ ਫੈਲਣ ਦਾ ਡਰ ਹੈ ਤੇ ਲੋਕਾਂ ਦੇ ਘਰਾਂ 'ਚ ਖੜ੍ਹੀ ਮਸ਼ੀਨਰੀ ਦਾ ਰੰਗ ਖਰਾਬ ਹੁੰਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਲੋਕ ਆਪਣੇ ਕੱਪੜੇ ਤੱਕ ਬਾਹਰ ਨਹੀਂ ਸੁਕਾ ਸਕਦੇ। ਇਸ ਦੇ ਨਾਲ ਮਿੱਲ ਵੱਲੋਂ ਟਰਬਾਈਨ ਚਲਾਉਣ ਵਾਸਤੇ ਬੁਲ੍ਹੋਵਾਲ ਰੋਡ ’ਤੇ ਦੁਕਾਨਾਂ ਦੇ ਪਿੱਛਲੇ ਪਾਸੇ ਪਰਾਲੀ ਦੀਆਂ ਗੰਢਾਂ ਦੇ ਵੱਡੇ-ਵੱਡੇ ਅੰਬਾਰ ਲਗਾਏ ਹੋਏ ਹਨ। ਗਰਮੀ ਦਾ ਮੌਸਮ ਹੋਣ ਕਾਰਨ ਕਿਤੇ ਅਚਾਨਕ ਅੱਗ ਲੱਗਣ ਕਾਰਨ ਦੁਕਾਨਦਾਰਾਂ ਤੇ ਨੇੜੇ ਦੇ ਘਰਾਂ ਨੂੰ ਨੁਕਸਾਨ ਹੋਣ ਦਾ ਡਰ ਹੈ। ਉਕਤ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੋ ਵਾਰ ਪਹਿਲਾਂ ਵੀ ਮਿਲ ਮੈਨੇਜਮੈਂਟ ਨੂੰ ਮੰਗ ਪੱਤਰ ਦਿੱਤਾ ਸੀ ਪਰ ਉਨ੍ਹਾਂ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਅੱਜ ਫਿਰ ਭੋਗਪੁਰ ਸਹਿਕਾਰੀ ਖੰਡ ਮਿੱਲ ਦੇ ਜੀਐੱਮ ਤੇ ਮੌਜੂਦਾ ਸਮੇਂ ਮਿੱਲ ਨੂੰ ਚਲਾ ਰਹੀ ਕੰਪਨੀ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਹੈ। ਜੀਐੱਮ ਤੇ ਕੰਪਨੀ ਦੇ ਅਧਿਕਾਰੀਆਂ ਨੇ 15 ਮਈ ਤੱਕ ਸਾਰੀਆਂ ਗੰਢਾਂ ਦੁਕਾਨਾਂ ਦੇ ਪਿੱਛੋਂ ਹਟਾਉਣ ਦਾ ਇਕਰਾਰ ਕੀਤਾ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਬੁਲਾ ਕੇ ਮਿੱਲ ਦੀ ਚਿਮਨੀ 'ਚੋਂ ਆ ਰਹੀ ਰਾਖ ਦੀ ਸਮੱਸਿਆ ਦਾ ਹੱਲ ਕਰਾਉਣ ਦਾ ਭਰੋਸਾ ਦਵਾਇਆ ਹੈ।

Leave a Comment:
ਤਾਜ਼ਾ ਖ਼ਬਰਾਂ
ad