ਰਾਸ਼ਟਰੀ Tue, 08 Jul 2025 10:54 AM
ਜਗਰਾਓਂ : ਪੰਜਾਬ ਵਿਚ ਬੇਅਦਬੀਆਂ ਖ਼ਿਲਾਫ਼ ਸੂਬੇ ਦੀ ਭਗਵੰਤ ਮਾਨ ਸਰਕਾਰ ਸਖਤ ਕਾਨੂੰਨ ਲੈ ਕੇ ਆ ਰਹੀ ਹੈ। ਇਹ ਐਲਾਨ ਅੱਜ ਮੁੱਲਾਂਪੁਰ ਦੇ ਕਿੰਗਜ ਵਿਲਾ ਰਿਜੋਰਟ ਵਿਚ ਕਰਵਾਏ ਸਮਾਗਮ ‘ਧੰਨਵਾਦ ਲੁਧਿਆਣਾ’ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤਾ। ਇਸ ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਚਹੁਪੱਖੀ ਵਿਕਾਸ ਅਤੇ ਤਰੱਕੀ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਹੁਣ ਪੰਜਾਬ ਬਨਣ ਜਾ ਰਿਹਾ ਹੈ।
ਉਸ ਨੂੰ ਕੈਲੇਫੋਰਨੀਆ ਅਤੇ ਲੰਡਨ ਬਨਣ ਦੀ ਕੋਈ ਲੋੜ ਨਹੀਂ। ਇਹ ਧੰਨਵਾਦ ਲੁਧਿਆਣਾ ਸਮਾਗਮ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਲੁਧਿਆਣਾ ਪੱਛਮੀ ਤੋਂ ਉਪ ਚੋਣ ਦੀ ਜਿੱਤ ’ਤੇ ਰੱਖਿਆ ਗਿਆ। ਇਸ ਸਮਾਗਮ ਵਿਚ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ’ਤੇ ਜਿੱਥੇ ਅਕਾਲੀ, ਭਾਜਪਾ ਅਤੇ ਕਾਂਗਰਸ ਰਹੀ, ਉਥੇ ਦੋਵਾਂ ਨੇ ਹੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਵੀ ਖੁੱਲ੍ਹ ਕੇ ਬੋਲੇ। ਇਸ ਸਮਾਗਮ ਵਿਚ ਆਪ ਦੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੋੜਾ ਸਮੇਤ ਕੈਬਨਿਟ ਮੰਤਰੀ, ਵਿਧਾਇਕ ਅਤੇ ਆਪ ਆਗੂ ਵੱਡੀ ਗਿਣਤੀ ’ਚ ਸ਼ਾਮਲ ਹੋਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਪੰਜਾਬ ਵਿਚ ਰੰਗ ਬਿਰੰਗੀ ਪੱਗਾਂ ਪੰਜਾਬ ਦੇ ਨੌਜਵਾਨਾਂ ਤੋਂ ਲੈ ਕੇ ਬਜੁਰਗਾਂ ਦੇ ਖਿਹੜੇ ਚਿਹਰੇ ਦੱਸਦੇ ਹਨ ਕਿ ਪੰਜਾਬ ਹੁਣ ਪੰਜਾਬ ਬਨਣ ਜਾ ਰਿਹਾ ਹੈ।